ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

May 17, 2012

ਮੇਰੀਆਂ ਅਭੁੱਲ ਯਾਦਾਂ

ਇਹ ਕਵਿਤਾ 'ਸ਼ਬਦ ਸਾਂਝ' ਨਾਂ ਦੇ ਸਾਹਿਤਕ ਵੈਬ ਰਸਾਲੇ 'ਚ ਪ੍ਰਕਾਸ਼ਿਤ ਹੋਈ ਹੈ ।
ਕਿਵੇਂ  ਭੁੱਲਾਂ ਮੈਂ ਬਚਪਨ ਦੀਆਂ ਯਾਦਾਂ ਨੂੰ 
ਮਨ ਵਿੱਚ ਜੋ ਖੁਸ਼ੀ ਦੀ ਖੁਸ਼ਬੂ ਛੱਡਦੀਆਂ ਨੇ 
ਤਿੱਤਲੀਆਂ ਵਾਂਗੂ ਏਧਰ-ਓਧਰ ਉੱਡਦੀਆਂ ਨੇ   

ਕਿਵੇਂ ਭੁੱਲਾਂ ਮੈਂ ਬਚਪਨ ਦੀਆਂ  ਯਾਦਾਂ ਨੂੰ
ਜਦੋਂ  ਖੇਡਣ ਲਈ ਡੇਕ ਥੱਲੋਂ ਨਿਮੋਲ਼ੀਆਂ ਸੀ ਹੂੰਝਦੇ 
ਖੇਡਦੇ ਖੇਡਦੇ ਕੁੜਤੇ ਨਾਲ ਵਗਿਆ ਨੱਕ ਸੀ ਪੂੰਝਦੇ 

ਕਿਵੇਂ ਭੁੱਲਾਂ ਮੈਂ ਬਚਪਨ ਦੀਆਂ ਯਾਦਾਂ ਨੂੰ 
ਜਦੋਂ ਚੁੱਲ੍ਹੇ 'ਤੇ ਭੁੰਨਕੇ  ਖਾਂਦੇ ਸੀ ਛੱਲੀਆਂ 
ਭੱਜ ਜਾਂਦੇ ਸੀ ਲੋਕਾਂ ਦੀਆਂ ਵਜਾ ਕੇ ਟੱਲੀਆਂ 

ਕਿਵੇਂ ਭੁੱਲਾਂ ਮੈਂ ਬਚਪਨ ਦੀਆਂ  ਯਾਦਾਂ  ਨੂੰ 
ਜਦੋਂ   ਸਕੂਲ ਦਾ ਪਾਠ  ਯਾਦ ਨਾ ਹੋਣਾ   
ਢਿੱਡ ਦੁੱਖਦੇ  ਦਾ ਫਿਰ ਬਹਾਨਾ ਲਾਉਣਾ 

ਕੁਝ  ਯਾਦਾਂ ਭੁੱਲਾਈਆਂ  ਨਹੀਂ ਜਾਂਦੀਆਂ  
ਦਿਲ ਨੂੰ ਜੋ ਡਾਢਾ ਦੁੱਖ ਦੇ ਗਈਆਂ 
ਏਸ ਜਹਾਨ ਤੋਂ ਮੇਰੇ ਪਾਪਾ ਨੂੰ ਲੈ ਗਈਆਂ

ਵਰਿੰਦਰਜੀਤ

ਨੋਟ: ਇਹ ਪੋਸਟ ਹੁਣ ਤੱਕ 190 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ। 

2 comments:

 1. ਜਦੋਂ ਇਹ ਕਵਿਤਾ 'ਸ਼ਬਦ ਸਾਂਝ' 'ਤੇ ਪ੍ਰਾਕਾਸ਼ਿਤ ਹੋਈ ਤਾਂ ਦੋਸਤਾਂ ਵਲੋਂ ਮਿਲ਼ੇ ਸ਼ਬਦ ਹੁੰਗਾਰੇ ਸਾਂਭ ਕੇ ਰੱਖ ਲਏ....
  1.ਪੰਜਾਬੀ ਵਿਹੜੇ ਨੇ ਕਿਹਾ-
  ਇਹ ਕਵਿਤਾ ਲਿਖ ਕੇ ਵਰਿੰਦਰਜੀਤ ਨੇ ਪੰਜਾਬੀ ਸਾਹਿਤ ਨਾਲ਼ ਸਾਂਝ ਪਾਈ ਹੈ ਤੇ ਅੱਜ ਆਵਦੇ ਸਾਂਝ ਦੇ ਘੇਰੇ ਨੂੰ ਹੋਰ ਵੱਡਾ ਕਰਨ ਲਈ ਸ਼ਬਦ ਸਾਂਝ ਦੇ ਪਾਠਕਾਂ ਨਾਲ਼ ਸਾਂਝ ਪਾਈ ਹੈ।
  ਵਰਿੰਦਰਜੀਤ ਦੀ ਇਸ ਕਵਿਤਾ ਜੀਵਨ ਦੇ ਸਾਰੇ ਰੰਗਾਂ ਨੂੰ ਕੋਰੇ ਪੰਨੇ 'ਤੇ ਲਿਆ ਬਿਖੇਰਿਆ ਹੈ। ਸਾਦ-ਮੁਰਾਦੀ ਸ਼ਬਦਾਵਲੀ ਧੁਰ ਦਿਲ 'ਚ ਉਤਰ ਗਈ। ਅੱਖਰ-ਅੱਖਰ 'ਚੋਂ ਬਚਪਨ ਦੀ ਮਹਿਕ ਆਉਂਦੀ ਹੈ। ਬਚਪਨ ਦੇ ਦਿਨ ਕਿਸੇ ਫਿਲਮੀ ਰੀਲ ਵਾਂਗ ਅੱਖਾਂ ਅੱਗੇ ਲੰਘਦੇ ਦਿਖਾਈ ਦਿੰਦੇ ਹਨ।
  ਸ਼ਾਲਾ! ਮੇਰੇ ਛੋਟੇ ਵੀਰ ਵਰਿੰਦਰਜੀਤ ਦੀ ਕਲਮ ਏਸੇ ਤਰਾਂ ਲਿਖਦੀ ਰਹੇ ਤੇ ਪੰਜਾਬੀ ਸਾਹਿਤ ਦੀ ਝੋਲੀ ਹੋਰ ਲਿਖਤਾਂ ਪਾਉਂਦੀ ਰਹੇ।
  ਹਰਦੀਪ
  May 17, 2012 11:55 AM

  2.ਹਰਵਿੰਦਰ ਧਾਲੀਵਾਲ ਨੇ ਕਿਹਾ-
  ਕਿਵੇਂ ਭੁੱਲਾਂ ਮੈਂ ਬਚਪਨ ਦੀਆਂ ਯਾਦਾਂ ਨੂੰ
  ਜਦੋਂ ਚੁੱਲ੍ਹੇ 'ਤੇ ਭੁੰਨਕੇ ਖਾਂਦੇ ਸੀ ਛੱਲੀਆਂ
  ਭੱਜ ਜਾਂਦੇ ਸੀ ਲੋਕਾਂ ਦੀਆਂ ਵਜਾ ਕੇ ਟੱਲੀਆਂ ........ਬਹੁਤ ਸ਼ਾਨਦਾਰ ਕਵਿਤਾ ਹੈ ਜੀ....!!!!!!
  May 17, 2012 12:54 PM

  3.ਸੁਰਿੰਦਰ ਰੱਤੀ ਨੇ ਕਿਹਾ-
  ਵਰਿੰਦਰਜੀਤ ਸਿੰਘ ਬਰਾੜ ਜੀ ਦੀ, ਨਜ਼ਮ ਯਾਦਾਂ, ਪੜ ਕੇ ਆਪਣਾ ਬਚਪਨ ਯਾਦ ਆ ਗਿਆ, ਆਦਮੀ ਦੀ ਉਮਰ ਪਾਵੇਂ ਵਧਦੀ ਰਹੇ ਪਰ ਬਚਪਨ ਦੀਯਾਂ ਯਾਦਾਂ ਹਮੇਸ਼ਾਂ ਤਾਜ਼ਾ ਰੇਹ੍ਨ੍ਦੀਯਾਂ ਨੇ, ਇਸ ਸੁੰਦਰ ਕਵਿਤਾ ਲਈ ਵਧਾਯੀ - ਸੁਰਿੰਦਰ ਰੱਤੀ - ਮੁੰਬਈ
  May 17, 2012 5:18 PM

  4.ਭੂਪਿੰਦਰ ਸਿੰਘ ਨੇ ਕਿਹਾ-
  ਮੈਂ ਵਰਿੰਦਰਜੀਤ ਸਿੰਘ ਬਰਾੜ ਦੀ ਕਵਿਤਾ ਯਾਦਾਂ ਪੜੀ ਹੈ। ਬਹੁਤ ਖੂਬਸੂਰਤ ਰਚਨਾਂ ਹੈ।

  ਯਾਦਾਂ.....
  ਉਹ ਕੁਝ ਜੋ ਰੂਹ ਨਾਲ ਜੁੜਿਆ ਹੋਵੇ ਨਾ, ਉਹ ਭੁਲਾਇਆ ਨਹੀਂ ਜਾ ਸਕਦਾ। ਨਾਲੇ ਬਚਪਨ ਤਾਂ ਕੋਰੇ ਕਾਗਜ਼ ਵਾਂਗ ਹੈ, ਜਿਸ ਉਪਰ ਜੋ ਕੁਦਰਤ ਲਿਖ ਦੇਵੇ ਉਹ ਅਮਿਟ ਹੋ ਜਾਂਦਾ ਹੈ।
  ਵਰਿੰਦਰਜੀਤ ਜੀ ਨੇ ਬਚਪਨ ਦੀਆਂ ਦੋ-ਤਿੰਨ ਯਾਦਾਂ ਨੂੰ ਇਕ ਅਭੁੱਲ ਯਾਦ ਬਣਾ ਕੇ ਕਾਗਜ਼ ਤੇ ਬੜੇ ਹੀ ਖੂਬਸੂਰਤ ਢੰਗ ਨਾਲ ਉਤਾਰਿਆ ਹੈ।
  ਅਖੀਰ ਵਿੱਚ ਉਹਨਾਂ ਉਹ ਯਾਦ ਲਿਖ ਦਿੱਤੀ ਜੋ ਨਿਹਾਇਤ ਹੀ ਦੁਖਦਾਇਕ ਹੈ। ਉਹਨਾਂ ਦੇ ਪਾਪਾ ਦਾ ਉਹਨਾਂ ਦੇ ਬਚਪਨ ਵਿੱਚ ਹੀ ਏਸ ਜਹਾਨ ਤੋਂ ਚਲੇ ਜਾਣਾ, ਹੁਣ ਇਕ ਯਾਦ ਹੀ ਤਾਂ ਹੈ।
  ਖੈਰ, ਉਹਨਾਂ ਦੇ ਚੰਗੇ ਅਤੇ ਸੁੰਦਰ ਆਦਰਸ਼ਾ/ਪੂਰਨਿਆਂ ਤੇ ਚਲਦਿਆਂ-ਚਲਦਿਆਂ ਵਰਿੰਦਰਜੀਤ ਜੀ ਕੁਝ ਇਹੋ ਜਹੀਆਂ ਚੰਗੀਆਂ ਯਾਦਾਂ ਬਣਾਉਣ, ਜੋ ਅਭੁੱਲ ਹੋ ਜਾਣ।
  ਧੰਨਵਾਦ ਸਹਿਤ,
  ਭੂਪਿੰਦਰ
  ਨਿਉ ਯਾਰਕ।
  May 17, 2012 8:34 PM

  5.ਗੁਲਸ਼ਨ ਦਿਆਲ ਨੇ ਕਿਹਾ-
  beautiful poem
  May 19, 2012 1:24 PM

  6.ਗੁਰਪ੍ਰੀਤ ਮਠਾੜੂ ਨੇ ਕਿਹਾ-
  Bahut hi wadhiya rachna....bachpan di yaad taaza kar ditti....duavan varinder veer layi
  May 23, 2012 5:25 AM

  ReplyDelete
 2. ਬਹੁਤ ਬਹੁਤ ਵਧੀਆ ਜੀ

  ReplyDelete