ਸਾਵੇ ਹਰਫ਼ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। ਆਪਣੇ ਅੰਤਰਮਨ ਦੇ ਭਾਵਾਂ ਨੂੰ ਸ਼ਬਦੀ ਜਾਮਾ ਪੁਆ ਕੇ ਆਪ ਅੱਗੇ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਲਾਰਾ ਹੈ।

Aug 10, 2012

ਬੱਤੀ ਲੰਞੇ ਡੰਗ


 ਲੰਞੇ ਡੰਗ ਹੈ ਆਉਂਦੀ ਬੱਤੀ
ਸਾਨੂੰ ਬੜਾ ਸਤਾਉਂਦੀ ਬੱਤੀ
ਲੰਮੀ ਛੁੱਟੀ ਜਦ ਕਰ ਜਾਂਦੀ
ਥਓ-ਪਤਾ ਨਾ ਦੱਸ ਕੇ ਜਾਂਦੀ
ਪੂਰੇ ਵੋਲਟ ਦੀ ਕਦੇ ਨਾ ਆਵੇ
ਵਾਂਗ ਦੀਵਿਆਂ ਲਾਟੂ ਜਗਾਵੇ
ਅਵਾਜ਼ਾਂ ਘੂੰ-ਘੂੰ  ਪੱਖੇ ਚੱਲਦੇ 
ਫਰ ਭੋਰਾ ਨਾ ਅੱਗੇ ਹਿੱਲਦੇ 
ਤੇਰਾ ਜਾ-ਜਾ ਆਉਣਾ ਅੜਿਆ
ਟੀ.ਵੀ. ਫਰਿੱਜ਼ ਸਾਡਾ ਸੜਿਆ
ਨਿੱਕੜੇ ਬੰਨ-ਬੰਨ  ਦੋਵੇਂ ਹੱਥ
ਆਖਣ ਹੁਣ ਨਾ ਲਾਉਣਾ ਕੱਟ
ਕਰਨੀ ਅਸੀਂ ਅੱਜ ਪੜ੍ਹਾਈ
ਕੱਲ ਨੂੰ ਸਾਡਾ ਪਰਚਾ ਭਾਈ
ਬਿਜਲੀ ਬੋਰਡ ਦਾ ਹਾਲ ਮੰਦਾ 
ਕਰਦੇ ਸਾਰੇ ਕੋਈ ਗੋਰਖ ਧੰਦਾ 
ਚਾਰ ਕੁ ਘੰਟੇ ਬਿਜਲੀ ਆਵੇ
ਫੇਰ ਹਨ੍ਹੇਰੀ ਰਾਤ ਪੈ ਜਾਵੇ !

ਵਰਿੰਦਰਜੀਤ 


4 comments:

  1. ਅੱਜਕੱਲ ਬਿਜਲੀ ਦਾ ਜੋ ਹਾਲ ਪੰਜਾਬ 'ਚ ਹੈ ਇਸ ਕਵਿਤਾ 'ਚ ਸਾਫ਼ ਬਿਆਨ ਕੀਤਾ ਹੈ।
    ਪਤਾ ਨਹੀਂ ਪੰਜਾਬ ਨੂੰ ਪੂਰੀ ਬਿਜਲੀ ਦੀ ਸਹੂਲਤ ਕਦੋਂ ਮਿਲ਼ੇਗੀ।
    ਸੱਚੀਂ ਬਹੁਤ ਬੁਰਾ ਹਾਲ ਹੈ ਬਿਜਲੀ ਮਹਿਕਮੇ ਦਾ ।
    ਵਧੀਆ ਵਿਅੰਗ ਕੱਸਿਆ ਹੈ।
    ਸੋਹਣੀ ਲਿਖਤ ਲਈ ਵਧਾਈ ।

    ਹਰਦੀਪ

    ReplyDelete
  2. ਵਰਿੰਦਰਜੀਤ,
    ਤੁਹਾਡਾ ਕਾਵਿ-ਵਿਅੰਗ ਪੜ੍ਹ ਕੇ ਬੜਾ ਹਾਸਾ ਅਇਆ। ਸੱਚ ਹੀ, ਬਹੁਤ ਬੁਰਾ ਹਾਲ ਹੈ ਪੰਜਾਬ ਸਰਕਾਰ ਦੇ ਇਸ ਮਹਿਕਮੇ ਦਾ। ਗਰਮੀਆਂ ਭਰ, ਜਦੋਂ ਵੀ ਘਰ ਫੂਨ ਕਰਿਆ, ਉਦੋਂ ਘਰ ਵਾਲੇ ਆਖਦੇ ਸਨ ਬਈ ਬਿਜਲੀ ਹੈ ਨੀ, ਬਸ ਗਰਮੀ ਨਾਲ ਜੂਝਦੇ ਆਂ। ਜੈਨਰੇਟਰਾਂ 'ਚ ਤੇਲ ਫੂਕਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
    ਖੈਰ, ਇਹ ਸੰਕਟ ਭ੍ਰਿਸ਼ਟ ਸਰਕਾਰਾਂ ਦੇ ਚਲਦਿਆਂ ਹੱਲ ਹੋਣ ਵਾਲਾ ਨਹੀਂ। ਇਕ ਨਵੀਂ ਸੋਚ (ਆਦਰਸ਼ ਸਮਾਜ ਵਾਲੀ) ਜਨਮ ਤਾਂ ਲੈ ਚੁੱਕੀ ਹੈ। ਪਰ ਇਸ ਦਾ ਫੈਲਣਾਂ/ ਪਨਪਣਾ ਜਰੂਰੀ ਹੈ। ਲਿਖਦੇ ਰਹੋ, ਰੱਬ ਭਲੀ ਕਰੇਗਾ।

    ਭੂਪਿੰਦਰ ਨਿਉਯਾਰਕ।

    ReplyDelete
  3. ਹਰਦੀਪ ਭੈਣ ਹੌਸਲਾ ਅਫ਼ਜਾਈ ਤੇ ਸੇਧ ਦੇਣ ਲਈ ਬਹੁਤ-ਬਹੁਤ ਧੰਨਵਾਦ ।

    ਵਰਿੰਦਰਜੀਤ

    ReplyDelete
  4. ਵੀਰ ਭੂਪਿੰਦਰ,ਮੇਰਾ ਕਾਵਿ-ਵਿਅੰਗ ਪਸੰਦ ਕਰਨ ਤੇ ਹੌਸਲਾ ਵਧਾਉਣ ਲਈ ਬਹੁਤ-ਬਹੁਤ ਸ਼ੁਕਰੀਆ ।

    ਵਰਿੰਦਰਜੀਤ

    ReplyDelete